ਵੱਖ-ਵੱਖ ਧਰਮਾਂ ਦੇ ਸੰਤ ਮਹਾਂਪੁਰਸ਼ਾਂ ਦੀ ਹਾਜ਼ਰੀ ‘ਚ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਲੋਕ ਅਰਪਿਤ

ਫ਼ਿਰੋਜ਼ਪੁਰ, 8 ਦਸੰਬਰ ( ਰਜਿੰਦਰ ਕੰਬੋਜ਼)। ਫ਼ਿਰੋਜ਼ਪੁਰ ਸ਼ਹਿਰ ਵਿਖੇ ਅੱਜ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਾਪਤ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਨੂੰ ਨਵੀਨੀਕਰਨ ਉਪਰੰਤ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ।

ਇੱਥੇ ਹੋਏ ਵਿਸ਼ੇਸ਼ ਸਮਾਰੋਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮਹਾਨ ਸ਼ਹੀਦ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਵਿਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜਲਾਲਾਬਾਦ ਸ. ਜਗਦੀਪ ਸਿੰਘ ਗੋਲਡੀ ਕੰਬੋਜ, ਸ. ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਊਧਮ ਸਿੰਘ ਨੂੰ ਨਮਨ ਕੀਤਾ।

ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ (ਰਾਮ ਮੁਹੰਮਦ ਸਿੰਘ ਆਜ਼ਾਦ) ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬੜੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਚੌਂਕ ਨੂੰ ਨਵੀਂ ਦਿੱਖ ਦੇ ਕੇ ਅੱਜ ਨਵਾਂ ਆਦਮ ਕੱਦ ਬੁੱਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੀਆਂ ਸਤਿਕਾਰਤ ਸ਼ਖਸੀਅਤਾਂ ਵੱਲੋਂ ਜਨਤਾ ਦੇ ਸਪੁਰਦ ਕੀਤਾ ਗਿਆ ਹੈ।

ਸ. ਸੰਧਵਾਂ ਨੇ ਦੱਸਿਆ ਕਿ ਸਾਲ 1978 ਵਿਚ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਾਪਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਨਵੀਨੀਕਰਨ ਕਰ ਕੇ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਵੱਲੋਂ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਕੌਮ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾਂ ਦਿਲਾਂ ਵਿਚ ਰੱਖ ਕੇ ਅਤੇ ਉਨ੍ਹਾਂ ਦੇ ਦਿਖਾਏ ਦੇਸ਼ ਭਗਤੀ ਦੇ ਮਾਰਗ ‘ਤੇ ਚੱਲ ਕੇ ਹੀ ਭਾਰਤ ਵਰਗੇ ਮਹਾਨ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰਾਂ ਦਾ ਮਕਸਦ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਬਲੀਦਾਨਾਂ ਸਬੰਧੀ ਜਾਗਰੂਕ ਕਰ ਕੇ ਦੇਸ਼ ਭਗਤੀ ਅਤੇ ਰਾਸ਼ਟਰੀ ਆਦਰਸ਼ਾਂ ਵੱਲ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਲਈ 5 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਵੀ ਕੀਤਾ।

ਇੱਥੇ ਦੱਸਣਯੋਗ ਹੈ ਕਿ ਸਥਾਨਕ ਕੰਬੋਜ ਨਗਰ ਅਤੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਵਿਚ ਸ਼ਹੀਦ ਦਾ ਪਹਿਲਾ ਬੁੱਤ ਸਾਲ 1978 ਵਿਚ ਸਥਾਪਤ ਕੀਤਾ ਗਿਆ ਸੀ। ਉਸ ਦੌਰਾਨ ਸਥਾਨਕ ਸਿਆਸੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਇਲਾਕੇ ਦੀ ਸੰਗਤ ਨੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰ ਕੇ ਇਸ ਚੌਂਕ ਨੂੰ ਸ਼ਹੀਦ ਦੇ ਨਾਮ ਕੀਤਾ ਸੀ।

ਮਹਾਨ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਅਤੇ ਪੰਮਾ ਡੂਮੇਵਾਲ ਵੱਲੋਂ ਸ਼ਹੀਦ ਊਧਮ ਸਿੰਘ ਅਤੇ ਦੇਸ਼ ਭਗਤੀ ਨੂੰ ਸਮਰਪਿਤ ਗੀਤਾਂ ਨਾਲ ਸਮਾਂ ਬੰਨ੍ਹਿਆ ਗਿਆ।

ਇਸ ਮੌਕੇ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਤੋਂ ਇਲਾਵਾ ਜਸਪਾਲ ਹਾਂਡਾ, ਐਡਵੋਕੇਟ ਬਲਜੀਤ ਸਿੰਘ ਡੀਏ, ਜਸਬੀਰ ਸਿੰਘ ਜੋਸਨ, ਗੁਰਭੇਜ ਸਿੰਘ ਟਿੱਬੀ, ਗੁਰਦੀਪ ਸਿੰਘ ਭਗਤ, ਪਰਮਿੰਦਰ ਹਾਂਡਾ, ਬਲਵਿੰਦਰ ਸਿੰਘ ਬਿੰਦੂ ਜੋਸਨ, ਪਰਮਿੰਦਰ ਹਾਂਡਾ, ਬਲਵਿੰਦਰ ਸਿੰਘ ਬਿੰਦੂ ਜੋਸਨ ਸਰਪੰਚ, ਦਵਿੰਦਰ ਕਮੱਗਰ, ਬਲਿਹਾਰ ਸਿੰਘ ਸਾਬਕਾ ਐੱਮਸੀ, ਰਾਣਾ ਦੁਲਚੀ ਕੇ, ਮਨਿੰਦਰ ਹਾਂਡਾ, ਅਮਰੀਕ ਸਿੰਘ ਹੀਰੋ ਪ੍ਰਧਾਨ ਬੀਸੀ ਸੈੱਲ ਆਮ ਆਦਮੀ ਪਾਰਟੀ, ਸੁਖਚੈਨ ਸਿੰਘ ਖਾਈ, ਪਰਮਿੰਦਰ ਖੁੱਲਰ, ਮਨਮੀਤ ਸਿੰਘ ਮਿੱਠੂ ਐੱਮਸੀ, ਅਵਤਾਰ ਸਿੰਘ ਕੰਬੋਜ ਨਗਰ, ਅਵਤਾਰ ਸਿੰਘ ਦੁਲਚੀ ਕੇ, ਲਖਵਿੰਦਰ ਲੱਖਾ, ਸੁਖਵਿੰਦਰ ਸਿੰਘ ਥਿੰਦ ਮਾਡਰਨ ਪਲਾਜ਼ਾ, ਸੁੱਚਾ ਸਿੰਘ ਟਿੱਬੀ, ਕਸ਼ਮੀਰ ਸਿੰਘ ਢੇਰੂ, ਬਲਵਿੰਦਰ ਸਿੰਘ ਬਜੀਦਪੁਰ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਲੋਕ ਹਾਜ਼ਰ ਸਨ।

Share it...

Leave a Reply

Your email address will not be published. Required fields are marked *