ਫਾਜ਼ਿਲਕਾ ( ਲਖਵੀਰ ਸਿੰਘ ), 8 ਦਸੰਬਰ। ਲਖਬੀਰ ਸਿੰਘ, ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਫਿਰੋਜ਼ਪੁਰ, ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਸੀ.ਆਈ. ਫਿਰੋਜ਼ਪੁਰ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨੇ ਬੀ.ਐਸ.ਐਫ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ 01 ਕਿਲੋ ਹੈਰੋਇਨ ਅਤੇ 500 ਗ੍ਰਾਮ ਆਈ.ਸੀ.ਈ ਡਰੱਗ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਸਬ-ਇੰਸਪੈਕਟਰ ਰਾਜਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ 160 ਬਟਾਲੀਅਨ ਬੀ.ਐਸ.ਐਫ ਦੇ ਨਾਲ ਪਿੰਡ ਢਾਣੀ ਨੱਥਾ ਸਿੰਘ ਵਾਲੀ, ਦਾਖਲੀ ਢੰਡੀ ਕਦੀਮ, ਥਾਣਾ ਸਦਰ ਜਲਾਲਾਬਾਦ, ਦੇ ਇਲਾਕੇ ਵਿੱਚ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਕਿਸਾਨ ਜੋਗਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਰੋੜ ਪਿੰਡ ਢਾਣੀ ਨੱਥਾ ਸਿੰਘ ਵਾਲੀ ਦੀ ਜ਼ਮੀਨ ‘ਚੋਂ 01 ਕਿਲੋ ਹੈਰੋਇਨ ਅਤੇ 500 ਗ੍ਰਾਮ ਆਈ.ਸੀ.ਈ. ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਜੋ ਪਾਕਿ ਤਸਕਰਾਂ ਨੇ ਡਰੋਨ ਰਾਹੀਂ ਭੇਜਿਆ ਸੀ । ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 28 ਐਸ.ਐਸ.ਓ.ਸੀ ਫਾਜ਼ਿਲਕਾ ਦਰਜ ਕੀਤਾ ਗਿਆ ਹੈ ।