ਕਣਕ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਸਥਿਤੀ ‘ਚ ਸੁਚੇਤ ਰਹਿਣ ਕਿਸਾਨ, ਸਰਵੇਖਣ ਲਈ 21 ਟੀਮਾਂ ਗਠਿਤ

ਫਾਜ਼ਿਲਕਾ, 14 ਦਸੰਬਰ ( ਲਖਵੀਰ ਸਿੰਘ) । ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿ਼ਲ੍ਹਾ ਫਾਜ਼ਿਲਕਾ ਵੱਲੋਂ ਜਿ਼ਲ੍ਹਾ ਪੱਧਰ ਤੇ 1 ਅਤੇ ਬਲਾਕ ਪੱਧਰ ਤੇ 5-5 ਦੀ ਦਰ ਨਾਲ ਕੁੱਲ 21 ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਨ੍ਹਾਂ ਟੀਮਾਂ ਵੱਲੋਂ ਨਿਯਮਤ ਤੌਰ ਤੇ ਕਣਕ ਦੀ ਫ਼ਸਲ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ: ਸੰਦੀਪ ਰਿਣਵਾਂ, ਮੁੱਖ ਖੇਤੀਬਾੜੀ ਅਫ਼ਸਰ, ਫਾਜ਼ਿਲਕਾ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਜਾਗਰੂਕ ਕਰਨ ਲਈ ਵਿਭਾਗ ਦੇ ਖੇਤੀ ਮਾਹਿਰਾਂ ਵੱਲੋਂ ਕਣਕ ਦੀ ਫ਼ਸਲ ਦਾ ਸਰਵੇਖ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਘਬਰਾਉਣ ਦੀ ਬਜਾਏ ਆਪਣੀ ਫ਼ਸਲ ਦਾ ਲਗਾਤਾਰ ਨਿਰੀਖ਼ਣ ਕੀਤਾ ਜਾਵੇ, ਜੇਕਰ ਕਣਕ ਦੀ ਫ਼ਸਲ ਵਿੱਚ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਇਸ ਦੀ ਰੋਕਥਾਮ ਲਈ ਪੀ.ਏ.ਯੂ. ਵੱਲੋਂ ਸਿ਼ਫਾਰਸ਼ਸੁ਼ਦਾ ਕੀਟਨਾਸ਼ਕਾਂ ਦੀ ਸਪਰੇਅ ਕਰਕੇ ਇਸ ਉਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਕਣਕ ਦੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਤੱਤਾਂ ਦੀ ਘਾਟ, ਸਿੰਚਾਈ ਲਈ ਜਿ਼ਆਦਾ ਪਾਣੀ ਦੀ ਵਰਤੋਂ, ਉਲੀ ਰੋਗ ਆਦਿ ਜੋ ਕਿ ਫ਼ਸਲ ਦਾ ਚੰਗੀ ਤਰ੍ਹਾਂ ਮੁਆਇਨਾ ਕਰਨ ਤੇ ਹੀ ਪਤਾ ਲਗਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤ ਵਿੱਚ ਪੀ.ਏ.ਯੂ ਵੱਲੋਂ ਕਣਕ ਦੀ ਫ਼ਸਲ ਨੂੰ ਪਾਣੀ ਦਿਨ ਸਮੇਂ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤ ਵਿੱਚ ਕਣਕ ਉਪਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਪੀ.ਏ.ਯੂ. ਲੁਧਿਆਣਾ ਦੀਆਂ ਸਿ਼ਫਾਰਸ਼ਾਂ ਅਨੁਸਾਰ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਜਿਵੇਂ ਕਿ 50 ਮਿ.ਲੀ: ਪ੍ਰਤੀ ਏਕੜ ਕੋਰਾਜ਼ਨ 18.5 ਪ੍ਰਤੀਸ਼ਤ ਐਸ.ਸੀ. (ਕਲੋਰਐਟਰਾਨਿਲੀਪਰੋਲ), ਇੱਕ ਲੀਟਰ ਕਲੋਰੋਪਾਇਰੀਫਾਸ 20 ਪ੍ਰੀਤਸ਼ਤ ਈ.ਸੀ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰਨ ਜਾਂ 7 ਕਿ:ਗ੍ਰਾ: ਫਿਪਰੋਨਿਲ 0.3 ਪ੍ਰਤੀਸ਼ਤ ਨੂੰ 20 ਕਿ:ਗ੍ਰਾ: ਮਿੱਟੀ ਵਿੱਚ ਰਲਾ ਕੇ ਪਹਿਲੇ ਪਾਣੀ ਤੋਂ ਪਹਿਲਾ ਛਿੜਕਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਮੁ਼ਸਕਿਲ ਪੇਸ਼ ਆਉਦੀ ਹੈ ਤਾਂ ਉਸ ਸਬੰਧੀ ਬਲਾਕ ਦੇ ਸਬੰਧਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ।

Share it...

Leave a Reply

Your email address will not be published. Required fields are marked *