ਗੁਰੂਹਰਸਹਾਏ, 28 ਨਵੰਬਰ ( ਗੁਰਮੀਤ ਸਿੰਘ)। ਗੁਰੂਹਰਸਹਾਏ ਵਿੱਚ ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਨਿਰੀਖਣ ਲਈ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਜਸਵਿੰਦਰ ਸਿੰਘ, ਖੇਤਬਾੜੀ ਵਿਕਾਸ ਅਫਸਰ ਸੰਦੀਪ ਕੁਮਾਰ ਅਤੇ ਅਮਨਦੀਪ ਸੰਧੂ ਵੱਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬਿਜਾਈ ਕੀਤੀ ਗਈ ਫਸਲ ਵਿੱਚ ਵੱਧ ਦੇਖਣ ਨੂੰ ਮਿਲ ਰਿਹਾ ਹੈ। ਇਹ ਸੁੰਡੀ ਕਣਕ ਦੇ ਬੂਟੇ ਦੇ ਤਣੇ ਦੇ ਅੰਦਰ ਵੜ ਜਾਂਦੀ ਹੈ ਅਤੇ ਅੰਦਰੋਂ ਬੂਟੇ ਨੂੰ ਖਾਣ ਲਗਦੀ ਹੈ, ਜਿਸ ਨਾਲ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਅਤੇ ਬਾਅਦ ਵਿੱਚ ਮਰ ਜਾਂਦੇ ਹਨ। ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆ ਉਹਨਾਂ ਕਿਹਾ ਕਿ ਉਹ ਲਗਾਤਾਰ ਆਪਣੀ ਫਸਲ ਦਾ ਸਰਵੇਖਣ ਕਰਨ ਅਤੇ ਜੇਕਰ ਕਿਤੇ ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਟਨਾਸ਼ਕਾ ਦੀ ਵਰਤੋਂ ਕਰਨ ਜਿਵੇ ਕਿ 50 ਮਿਲੀ ਕੋਰਾਜ਼ਨ 18.5 ਫੀਸਦੀ ਮੈਸ ਸੀ ਜਾਂ 400 ਮਿਲੀ ਏਕਾਲੈਕਸ 25 ਫੀਸਦੀ ਈ ਸੀ ਨੂੰ 80-100 ਲੀਟਰ ਪਾਣੀ ਵਿੱਚ ਮਿਕਸ ਕਰਕੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ ਜਾਂ 1 ਲੀਟਰ ਕਲੋਰੋਪਾਈਰੀਫਾਸ਼ 20 ਫੀਸਦੀ ਈ.ਸੀ ਦਵਾਈ ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਲਗਾਉਣ ਤੋਂ ਪਹਿਲਾ ਛੱਟਾ ਦਿੱਤਾ ਜਾ ਸਕਦਾ ਹੈ।