- ਮਾਮਲਾ ਫਿਰੋਜ਼ਪੁਰ ‘ਚ ਵਧੇ ਨਸ਼ਿਆਂ ਤੇ ਲੁੱਟਾਂ ਖੋਹਾਂ ਦਾ
ਫਿਰੋਜ਼ਪੁਰ 28 ਨਵੰਬਰ ( ਰਜਿੰਦਰ ਕੰਬੋਜ਼) । ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਆਪਣੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਨਸ਼ਿਆਂ ਦੇ ਧੰਦੇ, ਨਸ਼ਿਆਂ ਕਾਰਨ ਅਣਿਆਈ ਮੌਤੇ ਮਰ ਰਹੀ ਨੌਜਵਾਨ ਪੀੜ੍ਹੀ ਅਤੇ ਨਿੱਤ ਦਿਹਾੜੇ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਅਸਮੱਰਥ ਜਾਪ ਰਹੀ ਪੰਜਾਬ ਪੁਲਿਸ ਨੂੰ ਜਾਗਰੂਕ ਕਰਨ ਲਈ ਆਵਾਜ਼ ਉੱਠਾ ਰਹੇ ਸਮਾਜ ਸੁਧਾਰਕਾਂ ਨੂੰ ਪੁਲਿਸ ਦੇ ਖੁਫ਼ੀਆ ਤੰਤਰ ਵੱਲੋਂ ਟਾਰਗੇਟ ਕੀਤੇ ਜਾਣ ਦੀ ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੱਕ ਸੱਚ ਲਈ ਲੜਨ ਅਤੇ ਸਮਾਜ ਸੇਵੀਆਂ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਉੱਧਰ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਨੈਸ਼ਨਲ ਯੂਥ ਅਵਾਰਡੀ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸਰਹੱਦ ਪਾਰ ਤੋਂ ਪੰਜਾਬ ਤੇ ਬਾਹਰੀ ਸੂਬਿਆਂ ਵਿੱਚ ਨਸ਼ੇ ਤੇ ਹਥਿਆਰ ਇਸੇ ਰਸਤੇ ਸਪਲਾਈ ਹੋ ਰਹੇ ਹਨ ਅਤੇ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਬਹੁਤਾਤ ਨੌਜਵਾਨ ਇਥੋਂ ਤੱਕ ਕਿ ਮਹਿਲਾਵਾਂ ਵੀ ਨਸ਼ਿਆਂ ਦੀ ਸਪਲਾਈ ਕਰਨ ਦੇ ਧੰਦੇ ਵਿੱਚ ਲੱਗੇ ਹੋਏ ਹਨ। ਇੱਥੇ ਹੀ ਬੱਸ ਫਿਰੋਜ਼ਪੁਰ ਸ਼ਹਿਰੀ ਖੇਤਰ ਵਿੱਚ ਵੀ ਅਨੇਕਾਂ ਅਜਿਹੀਆਂ ਬਸਤੀਆਂ ਹਨ, ਜਿਥੇ ਹਰ ਘਰ ਵਿੱਚ ਨਸ਼ੇ ਵਿਕ ਤੇ ਸਪਲਾਈ ਹੋ ਰਹੇ ਹਨ ਪਰ ਫਿਰੋਜ਼ਪੁਰ ਪੁਲਿਸ ਨਿੱਕੀਆਂ ਨਿੱਕੀਆਂ ਕਾਰਵਾਈ ਕਰ ਆਪਣਾ ਦਾਮਨ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ ਜਦੋਂ ਕਿ ਨਸ਼ਿਆਂ ਦੇ ਵੱਡੇ ਸੁਦਾਗਰ ਪੁਲਿਸ ਦੀ ਫਰਾਖਦਿਲੀ ਨਾਲ ਸ਼ਰੇਆਮ ਆਪਣੇ ਧੰਦੇ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਡੀਜੀਪੀ ਪੰਜਾਬ ਦੀਆਂ ਹਦਾਇਤਾਂ ‘ਤੇ ਫਿਰੋਜ਼ਪੁਰ ਪੁਲਿਸ ਨਸ਼ਿਆਂ ਦੇ ਗੜ੍ਹ ਬਣ ਚੁੱਕੀਆਂ ਬਸਤੀਆਂ ਵਿੱਚ ਵਾਰ-ਵਾਰ ਸਰਚ ਅਪ੍ਰੇਸ਼ਨ ਚਲਾਉਂਦੀ ਹੈ ਪਰ ਛਿੱਟ ਪੁੱਟ ਰਿਕਵਰੀ ਤੋਂ ਇਲਾਵਾ ਕਦੇ ਪੁਲਿਸ ਦੇ ਹੱਥ ਕੁੱਝ ਖਾਸ ਨਹੀਂ ਲੱਗਿਆ। ਤਕੜੇ ਲਾਮ ਲਸ਼ਕਰ ਨਾਲ ਚਲਾਏ ਜਾਂਦੇ ਇਹਨਾਂ ਅਪ੍ਰੇਸ਼ਨਾਂ ਦੌਰਾਨ ਪੁਲਿਸ ਦੇ ਹੱਥ ਖਾਲੀ ਰਹਿਣ ਦੇ ਕਾਰਨ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਪੁਲਿਸ ਅਧਿਕਾਰੀ ਭਲੀ ਭਾਂਤ ਜਾਣਦੇ ਹਨ। ਫਿਰੋਜ਼ਪੁਰ ਵਿੱਚ ਵਾਪਰਦੀਆਂ ਲੁੱਟਾਂ ਖੋਹਾਂ ਤੇ ਝਪਟਮਾਰੀ ਦੀਆਂ ਹਜ਼ਾਰਾਂ ਦਰਖਾਸਤਾਂ ਨਿਆਂ ਦੀ ਉਡੀਕ ਵਿੱਚ ਪੁਲਿਸ ਥਾਣਿਆਂ ਤੇ ਉੱਚ ਅਧਿਕਾਰੀਆਂ ਦੀਆਂ ਮੇਜ਼ਾਂ ‘ਤੇ ਧੂੜ ਚੱਟ ਰਹੀਆਂ ਹਨ ਅਤੇ ਪੀੜਤ ਵਿਚਾਰੇ ਥਾਣਿਆਂ, ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਕੱਟ ਬੇਵੱਸ ਹੋਏ ਥੱਕ ਹਾਰ ਕੇ ਘਰ ਬੈਠਣ ਲਈ ਮਜਬੂਰ ਹੋ ਜਾਂਦੇ ਹਨ। ਸਤਲੁਜ ਪ੍ਰੈਸ ਕਲੱਬ ਪ੍ਰਧਾਨ ਗੁਰਨਾਮ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੁਲਿਸ ਵੱਲੋਂ ਸ਼ਰੇਆਮ ਵਿਕ ਰਹੇ ਨਸ਼ਿਆਂ ਤੇ ਲੁਟੇਰਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅਪਣਾਏ ਜਾ ਰਹੇ ਗੈਰ ਜਿੰਮੇਵਾਰਾਨਾ ਵਤੀਰੇ ਖਿਲਾਫ਼ ਆਵਾਜ਼ ਉਠਾਈ ਸੀ, ਜਿਸ ਤੋਂ ਚਿੜ੍ਹੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਖੁਫ਼ੀਆ ਤੰਤਰ ਤੇ ਪੁਲਿਸ ਅਧਿਕਾਰੀਆਂ ਕੋਲੋਂ ਟਾਰਗੇਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਕਿ ਪੁਲਿਸ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਵੀ ਦਰਜ ਕਰ ਦੇਵੇ। ਉਹਨਾਂ ਸਪੱਸ਼ਟ ਕੀਤਾ ਹੈ ਉਨ੍ਹਾਂ ਜੋ ਵੀ ਬੋਲਿਆ ਹੈ ਉਹ ਚਿੱਟੇ ਦਿਨ ਵਾਂਗ ਸਾਫ਼ ਹੈ ਜਦੋਂ ਕਿ ਪੁਲਿਸ ਨੂੰ ਆਪਣੇ ਅਕਸ ਨੂੰ ਸਾਫ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹਨਾਂ ਸੱਚ ਬੋਲਿਆ ਹੈ ਅਤੇ ਭਵਿੱਖ ਵਿੱਚ ਵੀ ਸੱਚ ਦਾ ਹੌਕਾ ਦਿੰਦੇ ਰਹਿਣਗੇ। ਗੁਰਨਾਮ ਸਿੱਧੂ ਨੇ ਉਨ੍ਹਾਂ ਵੱਲੋਂ ਫਿਰੋਜ਼ਪੁਰ ਤੇ ਇਥੋਂ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਲੁੱਟਾਂ ਖੋਹਾਂ ਖਿਲਾਫ ਆਵਾਜ਼ ਬੁਲੰਦ ਕਰਨ ਬਦਲੇ ਸੰਭਾਵੀ ਪੁਲਸੀਆ ਧੱਕੇਸ਼ਾਹੀ ਵਿਰੁੱਧ ਲੜਾਈ ਜਾਰੀ ਰੱਖਣ ਲਈ ਉਨ੍ਹਾਂ ਦਾ ਸਾਥ ਦੇਣ ਲਈ ਪੱਤਰਕਾਰ ਭਾਈਚਾਰੇ, ਕਿਸਾਨ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਤੇ ਨਿਆਂ ਪਸੰਦ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਸਾਨੂੰ ਸਭ ਨੂੰ ਮਿਲ ਕੇ ਸਮਾਜ ਨੂੰ ਖੋਰਾ ਲਾ ਰਹੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਇਕਜੁੱਟ ਹੋਣ ਦਾ ਤਾਂ ਹੀ ਅਸੀਂ ਸਮਾਜ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਸਕਾਂਗੇ।