ਗੁਰੂਹਰਸਹਾਏ ( ਗੁਰਮੀਤ ਸਿੰਘ ), 8 ਦਸੰਬਰ। ਗੋਲੂ ਕਾ ਮੋੜ ਸਥਿਤ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਭਾਰਤੀ ਕਮਿਊਨਿਸਟ ਪਾਰਟੀ, ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਮਰਹੂਮ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਜੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਵਿੱਚੋਂ ਨੌਜਵਾਨਾਂ, ਵਿਦਿਆਰਥੀਆਂ, ਪਾਰਟੀ ਵਰਕਰਾਂ ਅਤੇ ਕਾਮਰੇਡ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਸ਼ਰਧਾਂਜਲੀ ਸਮਾਗਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਜ਼ਿਲਾ ਫਾਜ਼ਿਲਕਾ ਦੇ ਜ਼ਿਲਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਭਾਵੇਂ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਕੋਰਾ ਅਨਪੜ ਸੀ ਪਰ ਉਸ ਦੇ ਮਨ ਵਿੱਚ ਬੇਰੋਜ਼ਗਾਰ ਜਵਾਨੀ ਅਤੇ ਆਮ ਲੋਕਾਂ ਦਾ ਦਰਦ ਕੁੱਟ-ਕੁੱਟ ਕੇ ਭਰਿਆ ਸੀ ਅਤੇ ਉਹ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਗਿਆਨਵਾਨ ਆਗੂ ਸੀ। ਬੇਰੁਜ਼ਗਾਰੀ ਦੇ ਖਾਤਮੇ ਲਈ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ 1997 ਵਿੱਚ ਸ਼ੁਰੂ ਕੀਤੀ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਤੋਂ ਬਾਅਦ ਮਰਹੂਮ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਥੀ ਪਰਮਜੀਤ ਸਿੰਘ ਢਾਬਾ ਨੇ ਕਿਹਾ ਕਿ ਕਾਮਰੇਡ ਭਗਵਾਨ ਦਾ ਬਹਾਦਰ ਕੇ ਨੇ ਬੇਰੁਜ਼ਗਾਰ ਜਵਾਨੀ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣਾ ਪੂਰਾ ਜੀਵਨ ਸੰਘਰਸ਼ ਦੇ ਲੇਖੇ ਲਾਇਆ ਹੈ। ਉਹਨਾਂ ਦਾ ਸਮੁੱਚਾ ਇਨਕਲਾਬੀ ਜੀਵਨ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹੈ। ਇਸ ਸ਼ਰਧਾਂਜਲੀ ਸਮਾਗਮ ਨੂੰ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕਾਮਰੇਡ ਜੀਤ ਕੁਮਾਰ ਚੌਹਾਣਾ, ਕਾਮਰੇਡ ਬਲਵੰਤ ਚੌਹਾਣਾ, ਰਾਜ ਕੁਮਾਰ ਬਹਾਦਰ ਕੇ, ਕਾਮਰੇਡ ਢੋਲਾ ਮਾਹੀ, ਦੀਪਕ ਵਧਾਵਨ ਧਰਮਿੰਦਰ ਰਹਿਮੇਸ਼ਾਹ, ਪਰਮਿੰਦਰ ਸਿੰਘ ਰਹਿਮੇ ਸ਼ਾਹ, ਹਰਭਜਨ ਛਪੜੀਵਾਲਾ, ਨਰਿੰਦਰ ਢਾਬਾਂ ਗੁਰਦਿਆਲ ਸਿੰਘ ਢਾਬਾਂ, ਪਿਆਰਾ ਮੇਘਾ, ਪ੍ਰੇਮ ਬਹਾਦਰ ਕੇ, ਸਾਥੀ ਦੀ ਧਰਮ ਪਤਨੀ ਨੀਲਮ ਰਾਣੀ ਬਹਾਦਰ ਕੇ, ਬੇਟਾ ਸੰਦੀਪ ਕੁਮਾਰ ਬਹਾਦਰ ਕੇ, ਨੂੰਹਾਂ ਰੇਖਾ ਅਤੇ ਮੀਨੂ, ਭਰਾ ਸਤਨਾਮ ਬਹਾਦਰ ਕੇ ਆਦਿ ਵੀ ਹਾਜ਼ਰ ਸਨ।