ਫ਼ਿਰੋਜ਼ਪੁਰ, 6 ਦਸੰਬਰ ( ਰਜਿੰਦਰ ਕੰਬੋਜ਼) ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸੀ.ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਗੁਰੂ ਰਵੀਦਾਸ ਆਯੂਰਵੈਦਿਕ ਯੂਨਿਵਰਸਿਟੀ ਹੁਸ਼ਿਆਰਪੁਰ ਵੱਲੋਂ ਯੋਗ ਦਾ ਡਿਪਲੋਮਾ ਸ਼ਹੀਦ ਭਗਤ ਸਿੰਘ ਯੂਨਿਵਰਸਿਟੀ ਫ਼ਿਰੋਜ਼ਪੁਰ ਵਿਖੇ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਸੀ.ਐੱਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਵਲੋਂ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਇਸ ਡਿਪਲੋਮੇ ਵਿੱਚ 94 ਵਿਦਿਆਰਥੀਆਂ ਨੇ ਦਾਖਲਾ ਲਿਆ। ਇਹ ਇਕ ਸਾਲ ਦਾ ਕੋਰਸ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇਸ ਕੋਰਸ ਬਾਰੇ ਬੱਚਿਆਂ ਨੂੰ ਵੀਡੀਓ ਕਾਨਫਰੰਸ ਦੁਆਰਾ ਜਾਣਕਾਰੀ ਦਿੱਤੀ ਗਈ ਅਤੇ ਇਸ ਡਿਪਲੋਮੇ ਦੇ ਫਾਇਦੇ ਦੱਸੇ ਗਏ। ਗੁਰੂ ਰਵਿਦਾਸ ਆਯੂਰਵੈਦਿਕ, ਯੂਨਿਵਰਸਿਟੀ ਹੁਸ਼ਿਆਰਪੁਰ ਦੇ ਰਜਿਸਟਰਾਰ ਸੰਜੀਵ ਗੋਇਲ ਅਤੇ ਸੀ.ਐੱਮ. ਦੀ ਯੋਗਸ਼ਾਲਾ ਦੇ ਮੁੱਖ ਸਲਾਹਕਾਰ ਕਮਲੇਸ਼ ਮਿਸ਼ਰਾ ਅਤੇ ਅਮਰੇਸ਼ ਕੁਮਾਰ ਝਾ, ਡਾ. ਗਗਨ ਦੀਪ ਅਤੇ ਸੀ.ਐੱਮ. ਦੀ ਯੋਗਸ਼ਾਲਾ ਦੀ ਟੀਮ ਵੱਲੋਂ ਵੀਡੀਓ ਕਾਨਫਰੰਸ ਦੁਆਰਾ ਬੱਚਿਆਂ ਦਾ ਸੁਆਗਤ ਕੀਤਾ ਗਿਆ|
ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਯੋਗ ਦੀਆਂ ਕਲਾਸਾਂ ਲਗਾਈਆਂ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਫਤ ਯੋਗ ਕਲਾਸਾਂ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੇ ਮਹੱਲੇ ਵਿਚ ਯੋਗ ਦੀ ਕਲਾਸਾਂ ਸ਼ੁਰੂ ਕਰਾਉਣਾ ਚਾਹੁੰਦਾ ਹੈ ਤਾਂ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 76694-00500 ‘ਤੇ ਮਿਸ ਕਾਲ ਕਰ ਸਕਦਾ ਹੈ। ਇਸ ਦੇ ਅਨੁਸਾਰ ਆਪ ਨੂੰ ਫਰੀ ਵਿੱਚ ਯੋਗ ਟੀਚਰ ਤੁਹਾਡੇ ਮੁਹੱਲੇ ਵਿੱਚ ਯੋਗ ਕਰਵਾਉਣ ਲਈ ਮੁਹੱਈਆ ਕਰਵਾਇਆ ਜਾਵੇਗਾ।