ਫ਼ਿਰੋਜ਼ਪੁਰ, 15 ਦਸੰਬਰ ( ਰਜਿੰਦਰ ਕੰਬੋਜ਼ ) । ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਹਜ਼ੂਰੀ ਵਿੱਚ 20 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.30 ਵਜੇ ਤੋਂ 3.30 ਵਜੇ ਤੱਕ ਅਨਾਜ ਮੰਡੀ, ਫਰੀਦਕੋਟ ਰੋਡ, ਫ਼ਿਰੋਜ਼ਪੁਰ ਛਾਉਣੀ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਹੋਣ ਜਾ ਰਿਹਾ ਹੈ। ਫਿਰੋਜ਼ਪੁਰ ਜ਼ੋਨ ਦੇ ਜ਼ੋਨਲ ਇੰਚਾਰਜ ਐਨ. ਐਸ. ਗਿੱਲ ਅਤੇ ਬ੍ਰਾਂਚ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਜੀ ਦੇ ਆਗਮਨ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੀਆਂ ਸੰਗਤਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਪਈ। ਫ਼ਿਰੋਜ਼ਪੁਰ ਇਲਾਕੇ ਦੇ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਇਸ ਸਮਾਗਮ ਦੀਆਂ ਤਿਆਰੀਆਂ ਲਈ ਸਮਾਗਮ ਸਥਾਨ ਤੇ ਗਰਾਂਊਂਡ ਵਿੱਚ ਸਾਫ ਸਫਾਈ ਆਦਿ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਨਿਰੰਕਾਰੀ ਸੰਤ ਸਮਾਗਮ ਵਿੱਚ ਨਿਰੰਕਾਰੀ ਮਿਸ਼ਨ ਦੁਆਰਾ ਦਿੱਤੇ ਜਾ ਰਹੇ ਪ੍ਰੇਮ, ਪਿਆਰ, ਮਿਲਵਰਤਨ, ਭਾਈਚਾਰੇ, ਸਹਿਣਸ਼ੀਲਤਾ ਤੇ ਬ੍ਰਹਮਗਿਆਨ ਆਦਿ ਸੱਚ ਦਾ ਸੰਦੇਸ਼ ਵੱਖ ਵੱਖ ਸਥਾਨਾਂ ਤੋਂ ਆਏ ਹੋਏ ਸੰਤਾਂ,ਮਹਾਂਪੁਰਸ਼ਾਂ ਦੁਆਰਾ ਗੀਤਾਂ, ਵਿਚਾਰਾਂ ਅਤੇ ਕਵਿਤਾਵਾਂ ਰਾਹੀਂ ਦਿੱਤਾ ਜਾਵੇਗਾ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਦਰਸ਼ਨ ਅਤੇ ਪ੍ਰਵਚਨ ਸੁਣਨ ਲਈ ਪੰਜਾਬ ਦੀਆਂ ਸੰਗਤਾਂ ਵਿੱਚ ਖ਼ੁਸ਼ੀ ਅਤੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।