ਗੁਰੂਹਰਸਹਾਏ, 29 ਨਵੰਬਰ ( ਗੁਰਮੀਤ ਸਿੰਘ)। ਪਿਛਲੇ ਸਮੇਂ ਤੋਂ ਵੱਖ-ਵੱਖ ਪਿੰਡਾਂ ਦੇ ਲਟਕਦੇ ਆ ਰਹੇ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ (ਬੂਟਾ ਸਿੰਘ ਬੁਰਜ ਗਿੱਲ) ਵਲੋਂ ਬਲਾਕ ਪ੍ਰਧਾਨ ਪੂਰਨ ਚੰਦ ਦੀ ਅਗਵਾਈ ਹੇਠ ਥਾਣਾ ਗੁਰੂਹਰਸਹਾਏ ਅੱਗੇ ਧਰਨਾ ਲਗਾਉਂਦਿਆ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਇਨਸਾਫ ਲਈ ਫਿਰੋਜ਼ਪੁਰ-ਫਾਜ਼ਿਲਕਾ ਰੋਡ ਜਾਮ ਕੀਤਾ ਜਾਵੇਗਾ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਪੂਰਨ ਚੰਦ, ਫਾਜਿਲਕਾ ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ, ਬਲਾਕ ਪ੍ਰਧਾਨ ਜਲਾਲਾਬਾਦ ਰਾਮ ਸਿੰਘ ਮੱਕੜ ਆਦਿ ਨੇ ਦੱਸਿਆ ਕਿ ਪਿੰਡ ਛਾਂਗਾ ਰਾਏ ਉਤਾੜ, ਚੱਕ ਮਹੰਤਾ ਵਾਲਾ ਪਿੰਡ ਕੁਤਬਗੜ੍ਹ ਭਾਟਾ ਦੇ ਕਈ ਮਸਲੇ ਪਿਛਲੇ ਲੰਬੇ ਸਮੇਂ ਤੋਂ ਥਾਣਾ ਗੁਰੂ ਹਰ ਸਹਾਏ ਵਿਖੇ ਲਟਕਦੇ ਆ ਰਹੇ ਹਨ ਅਤੇ ਇਨ੍ਹਾਂ ਮਸਲਿਆਂ ਦਾ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਵਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਜਦ ਵੀ ਕਿਸਾਨ ਇਨ੍ਹਾਂ ਮਸਲਿਆਂ ਸੰਬੰਧੀ ਉਨ੍ਹਾਂ ਨਾਲ ਗੱਲਬਾਤ ਕਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਵਿਸ਼ਵਾਸ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ, ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵਲੋਂ ਥਾਣਾ ਗੁਰੂਹਰਸਹਾਏ ਦੇ ਅੰਦਰ ਧਰਨਾ ਲਗਾਇਆ ਗਿਆ ਹੈ।