ਫ਼ਿਰੋਜ਼ਪੁਰ 29 ਨਵੰਬਰ ( ਰਜਿੰਦਰ ਕੰਬੋੇਜ਼) । ਫ਼ਿਰੋਜ਼ਪੁਰ ਅੰਦਰ ਲਗਾਤਾਰ ਵੱਧ ਰਹੀਆਂ ਵਾਰਦਾਤਾਂ, ਲੁੱਟਾਂ-ਖੋਹਾਂ, ਚੋਰੀਆਂ, ਨਸ਼ੇ ਅਤੇ ਜ਼ਿਲ੍ਹਾ ਪੁਲਿਸ ਕੋਲ ਪੈਂਡਿੰਗ ਪਈਆਂ ਦਰਖ਼ਾਸਤਾਂ ਦਾ ਨਿਪਟਾਰਾ ਨਾ ਹੋਣ ਖਿਲਾਫ਼ ਆਵਾਜ਼ ਚੁੱਕਣ ਤੋਂ ਬਾਅਦ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ਼ ਕਰਵਾਈਆਂ ਕਰਨ ਲਈ ਹਿਲਜੁੱਲ ਕਰਨ ਖਿਲਾਫ਼ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਚ ਪੱਤਰਕਾਰਾਂ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਉਕਤ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਨਾਮ ਸਿੱਧੂ, ਚੇਅਰਮੈਨ ਵਿਜੇ ਸ਼ਰਮਾ, ਜਨਰਲ ਸਕੱਤਰ ਜਤਿੰਦਰ ਪਿੰਕਲ ਨੇ ਸਾਂਝੇ ਰੂਪ ‘ਚ ਕਿਹਾ ਕਿ ਇੱਕ ਨਿੱਜੀ ਚੈਨਲ ਉਪਰ ਪੁਲਿਸ ਖਿਲਾਫ਼ ਅਵਾਜ਼ ਬੁਲੰਦ ਕਰਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਬੁਖਲਾਹਟ ਵਿੱਚ ਆ ਗਈ ਹੈ। ਚੈਨਲ ਉਪਰ ਬੋਲੇ ਗਏ ਸੱਚ ਦੇ ਉਲਟ ਪ੍ਰਧਾਨ ਗੁਰਨਾਮ ਸਿੱਧੂ ਅਤੇ ਸੁਖਵਿੰਦਰ ਸੁੱਖ ਨੂੰ ਟਾਰਗਿਟ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਤਿੰਨ ਦਿਨ ਤੋਂ ਪੁਲਿਸ ਦਾ ਖੁਫੀਆ ਵਿਭਾਗ ਇਸ ਤਰ੍ਹਾਂ ਤਹਿਕੀਕਾਤ ਕਰ ਰਿਹਾ ਹੈ ਜਿਵੇਂ ਕਿਸੇ ਨਾਮੀ ਗੈਂਗਸਟਰ ਦੀ ਕੀਤੀ ਜਾਂਦੀ ਹੈ। ਪੱਤਰਕਾਰਾਂ ਨੇ ਕਿਹਾ ਕਿ ਕਾਸ਼! ਖੁਫੀਆ ਵਿਭਾਗ ਅਜਿਹੀ ਕਾਰਵਾਈ ਫ਼ਿਰੋਜ਼ਪੁਰ ਅੰਦਰ ਸ਼ਾਂਤੀ ਲਿਆਉਣ ਲਈ ਕਰੇ ਤਾਂ ਕਿਸੇ ਨੂੰ ਬੋਲਣਾ ਹੀ ਨਾ ਪਵੇ। ਸਤਲੁਜ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੁਲਿਸ ਦੀਆਂ ਅਜਿਹੀਆਂ ਹਰਕਤਾਂ ਬਰਦਾਰਸ਼ਤ ਨਹੀਂ ਕੀਤੀਆਂ ਜਾਣਗੀਆਂ। ਓਹਨਾਂ ਕਿਹਾ ਕਿ ਅਗਰ ਕਿਸੇ ਸਾਥੀ ਉੱਤੇ ਝੂਠੇ ਪਰਚੇ ਜਾਂ ਕਿਸੇ ਮਾਮਲੇ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਓਹਨਾਂ ਕਿਹਾ ਕਿ ਚੌਥੇ ਥੰਮ ਉੱਤੇ ਅਜਿਹੇ ਵਾਰ ਕਦੇ ਵੀ ਸਹਿਣ ਨਹੀ ਕੀਤੇ ਜਾਣਗੇ। ਪੁਲਿਸ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਪੱਤਰਕਾਰਾਂ ਉੱਤੇ ਹੀ ਹਮਲੇ ਕਰਨ ਲਈ ਕਾਹਲੇ ਪਈ ਹੋਈ ਹੈ। ਪ੍ਰਧਾਨ ਨੇ ਕਿਹਾ ਕਿ ਸਾਡੇ ਪੱਤਰਕਾਰ ਸਾਥੀਆਂ ਦੇ ਕਿੰਨੇ ਹੀ ਮਾਮਲੇ ਪੁਲਿਸ ਕੋਲ ਪਿਛਲੇ ਕਈ ਮਹੀਨਿਆਂ ਦੇ ਪੈਂਡਿੰਗ ਪਏ ਹਨ ਪਰ ਪੁਲਿਸ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਉਣਾ ਚਾਹੁੰਦੀ। ਪੱਤਰਕਾਰਾਂ ਨੇ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵਿਚ ਨਸ਼ਾ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ, ਜਿੰਨ੍ਹਾ ਦੀ ਜਾਂਚ ਮਾਣਯੋਗ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਸਾਹਿਬਾਨ ਤੋਂ ਕਰਵਾਏ ਜਾਣ। ਸਾਥੀਆਂ ਨੇ ਕਿਹਾ ਕਿ 4 ਦਸੰਬਰ ਨੂੰ ਜ਼ਿਲ੍ਹੇ ਦੀਆਂ ਪ੍ਰੈੱਸ ਕਲੱਬਾਂ ਦੀ ਮੀਟਿੰਗ ਸੱਦੀ ਜਾ ਰਹੀ ਹੈ, ਜਿਸ ਵਿਚ ਸਲਾਹ ਮਸ਼ਵਰਾ ਕਰਨ ਉਪਰੰਤ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਤੇ ਵੱਖ-ਵੱਖ ਅਦਾਰਿਆਂ ਨਾਲ ਸਬੰਧਤ ਪੱਤਰਕਾਰ ਸਾਥੀਆਂ ਨੇ ਭਾਗ ਲਿਆ।
Related Posts
ਪਿੰਡ ਮਹਿਲ ਸਿੰਘ ਵਾਲਾ ਦੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ
- Guruharsahailive
- December 12, 2024
- 0