100 ਤੋਂ ਵੱਧ ਸਕੂਲੀ ਬੱਚਿਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ

ਫਿਰੋਜ਼ਪੁਰ, 17 ਦਸੰਬਰ(ਰਜਿੰਦਰ ਕੰਬੋਜ਼)। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਸੈਨੀਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਅਤੇ ਰੀਟਰੀਟ ਸੈਰਾਮਨੀ ਵਿਖਾਉਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸਕੂਲੀ ਬੱਚਿਆਂ ਨੂੰ ਰੀਟਰੀਟ ਸੈਰਾਮਨੀ ਦਿਖਾਉਣ ਦੇ ਨਾਲ-ਨਾਲ ਸ਼ਹੀਦਾਂ ਦੀ ਜੀਵਨੀ ਬਾਰੇ ਵੀ ਵੱਢਮੁੱਲੀ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਦੇ 9ਵੀਂ ਤੋਂ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਬੱਸ ਰਾਹੀਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਦਾ ਦੌਰਾ ਕਰਵਾਇਆ ਗਿਆ ਅਤੇ ਇਸ ਉਪਰੰਤ ਰੀਟਰੀਟ ਸੈਰਾਮਨੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਇੱਕ ਚੰਗੇ ਨਾਗਰਿਕ ਬਣਨ ਲਈ ਸਹਾਈ ਸਿੱਧ ਹੁੰਦੇ ਹਨ। ਉਨ੍ਹਾ ਕਿਹਾ ਕਿ ਅਜਿਹੇ ਦੌਰੇ ਲਗਾਤਾਰ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਮੁੱਖੀਆ ਨੂੰ ਵੀ ਕਿਹਾ ਕਿ ਉਹ ਵੀ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਸ ਵਿੱਦਿਅਕ ਟੂਰ ਦਾ ਹਿੱਸਾ ਬਣਾਉਣ। ਇਸ ਮੌਕੇ ਸਿੱਖਿਆ ਵਿਭਾਗ ਤੋਂ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ, ਨੀਤਿਮਾ, ਜਸਬੀਰ ਕੌਰ, ਦੀਪਕ ਕੁਮਾਰ, ਸੋਨੀਆ, ਸੁਖਦੀਪ ਕੌਰ, ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲੀ ਵਿਦਿਆਰਥੀ ਹਾਜ਼ਰ ਸਨ।

Share it...

Leave a Reply

Your email address will not be published. Required fields are marked *