ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ “ਸੰਵਾਦ” ਸਕੀਮ ਦੀ ਕੀਤੀ ਸ਼ੁਰੂਆਤ, ਕੈਦੀਆਂ ਨੂੰ ਹੋਵੇਗਾ ਫਾਇਦਾ

ਫਿਰੋਜ਼ਪੁਰ , 4 ਦਸੰਬਰ ( ਰਜਿੰਦਰ ਕੰਬੋਜ਼) । ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਕੈਦੀਆਂ /ਹਵਾਲਾਤੀਆਂ ਲਈ “ਸੰਵਾਦ” ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਹ ਸਕੀਮ ਪੂਰੇ ਪੰਜਾਬ ਵਿਚ ਸਿਰਫ ਜ਼ਿਲਾ ਫਿਰੋਜ਼ਪੁਰ ਵਿੱਚ ਲਾਗੂ ਕੀਤੀ ਗਈ ਅਤੇ ਸਕੀਮ ਸੰਬੰਧੀ ਇਕ ਕਿਤਾਬਚਾ (ਬੁੱਕਲੈਟ) ਜਾਰੀ ਕਰਦਿਆਂ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ—ਕਮ—ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਸੰਵਾਦ ਸਕੀਮ ਦੇ ਤਹਿਤ ਜੇਲ੍ਹ ਵਿੱਚ ਬੰਦ ਕੈਦੀ/ਹਵਾਲਾਤੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਆਪਣੇ ਕੇਸ ਬਾਬਤ ਵੀਡੀਓ ਕਾਨਫਰੰਸ ਰਾਹੀਂ ਆਪਣੇ ਵਕੀਲ ਨਾਲ ਗੱਲਬਾਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਸੰਵਾਦ ਸਕੀਮ ਜ਼ੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ। ਇਹ ਸਕੀਮ ਪੂਰੇ ਪੰਜਾਬ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦੀ ਜ਼ਰੂਰਤ ਜ਼ੇਲ੍ਹ ਦੌਰੇ ਦੌਰਾਨ ਉਦੋਂ ਮਹਿਸੂਸ ਹੋਈ ਜਦੋ ਦੇਖਿਆ ਗਿਆ ਕਿ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀ ਅਦਾਲਤਾਂ ਵਿੱਚ ਫਿਜੀਕਲ ਪੇਸ਼ੀ ਘਟਾਉਣ ਕਰਕੇ ਕੈਦੀ/ਹਵਾਲਾਤੀ ਦੀ ਆਪਣੇ ਵਕੀਲ ਦੇ ਨਾਲ ਮੁਲਾਕਾਤ ਬਹੁਤ ਘੱਟ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਸੰਵਾਦ ਸਕੀਮ ਸ਼ੁਰੂ ਕੀਤੀ ਗਈ। ਹੁਣ ਕੈਦੀ /ਹਵਾਲਾਤੀ ਜੇਲ੍ਹ ਅੰਦਰ ਬੈਠ ਕੇ ਹੀ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਡੀ.ਐਲ.ਐਸ.ਏ. ਵਿੱਚ ਬਣਾਏ ਗਏ ਸੈਂਟਰ ਵਿੱਚ ਸਿੱਧਾ ਆਪਣੇ ਵਕੀਲ ਦੇ ਨਾਲ ਕੇਸ ਬਾਬਤ ਰਾਬਤਾ ਕਰ ਸਕਦੇ ਹਨ ਅਤੇ ਆਪਣੇ ਕੇਸ ਸੰਬੰਧੀ ਮੌਜੂਦਾ ਸਥਿਤੀ ਤੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵਕੀਲ ਜੇਲ੍ਹ ਵਿੱਚ ਜਾ ਕੇ ਕੈਦੀ/ਹਵਾਲਾਤੀ ਨੂੰ ਮਿਲਣ ਤੋਂ ਗੁਰੇਜ ਕਰਦੇ ਸਨ ਜਿਸ ਕਾਰਨ ਵਕੀਲ ਅਤੇ ਕੈਦੀ/ਹਵਾਲਾਤੀ ਵਿੱਚਕਾਰ ਕੇਸ ਬਾਰੇ ਪੂਰੀ ਗੱਲਬਾਤ ਨਹੀਂ ਹੋ ਪਾਉਂਦੀ ਸੀ। ਹੁਣ ਆਨਲਾਈਨ ਮੁਲਾਕਾਤ ਦੌਰਾਨ ਵਕੀਲ ਅਤੇ ਕੈਦੀ/ਹਵਾਲਾਤੀ ਵਿੱਚਕਾਰ ਕੋਈ ਵੀ ਆਪਸੀ ਤਾਲਮੇਲ ਦੀ ਕਮੀ ਨਹੀਂ ਹੋਵੇਗੀ।

ਇਸ ਮੌਕੇ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਵੀ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਇਸ ਸਕੀਮ ਦੇ ਤਹਿਤ ਜ਼ੇਲ੍ਹ ਵਿੱਚ ਬੰਦ ਹਵਾਲਾਤੀ ਜ਼ੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ ਵਿੱਚ ਹਰੇਕ ਸੋਮਵਾਰ ਅਤੇ ਵੀਰਵਾਰ ਸਮਾਂ 12 ਵਜੇ ਤੱਕ ਆਪਣਾ ਨਾਮ ਅਤੇ ਆਪਣੇ ਵਕੀਲ ਦਾ ਨਾਮ, ਫੋਨ ਨੰਬਰ ਦਰਜ ਕਰਾਉਣਗੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਉਸ ਦੇ ਵਕੀਲ ਨਾਲ ਤਾਲਮੇਲ ਕਰਕੇ ਉਸ ਦੀ ਵੀਡਿਓ ਕਾਨਫਰੰਸਿੰਗ ਰਾਹੀਂ ਕੇਸ ਬਾਬਤ ਗੱਲਬਾਤ ਸਬੰਧੀ ਲੌੜੀਂਦੇ ਪ੍ਰਬੰਧ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸਬ ਡਵੀਜ਼ਨ ਪੱਧਰ ‘ਤੇ ਗੁਰੂਹਰਸਹਾਏ ਅਤੇ ਜ਼ੀਰਾ ਵਿਖੇ ਵੀ ਮੁਹੱਈਆ ਕਰਵਾਈ ਜਾਵੇਗੀ।


Share it...

Leave a Reply

Your email address will not be published. Required fields are marked *