ਗੁਰੂਹਰਸਹਾਏ, 30 ਨਵੰਬਰ ( ਗੁਰਮੀਤ ਸਿੰਘ ) । ਬੀਤੇ ਦਿਨ ਸਰਹੱਦੀ ਇਲਾਕੇ ‘ਚ ਮਮਦੋਟ ਮਾਈਨਰ ਟੁੱਟ ਜਾਣ ਕਾਰਨ ਕਿਸਾਨਾਂ ਦੀ ਬੀਜੀ ਕਣਕ ਦੀ ਫਸਲ ਡੁੱਬ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਜਾਇਜ਼ਾ ਲੈਣ ਤੋਂ ਬਾਅਦ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਮਾਈਨਰ ਦੇ ਪਾੜ ਨੂੰ ਭਰ ਲਿਆ ਜਾਵੇਗਾ। ਮੌਕੇ ਤੇ ਦੇਖਣ ਨੂੰ ਮਿਲਿਆ ਕਿ ਪਿੰਡ ਝੁੱਗੇ ਛਿਲੀਆਂ ਕੋਲ ਟੁੱਟੀ ਮਾਈਨਰ ਦੇ ਬੰਨ ਵਿੱਚ ਕਰੀਬ 15 ਤੋਂ 20 ਫੁੱਟ ਤੱਕ ਦਾ ਪਾੜ ਪੈ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਨਵੀ ਬੀਜੀ ਹੋਈ ਸੋ ਏਕੜ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਗਈ। ਉਕਤ ਮਾਈਨਰ ਦੇ ਪਾਣੀ ਨੂੰ ਪਿੱਛੇ ਬੰਦ ਕਰਕੇ ਟੁੱਟੇ ਕਿਨਾਰਿਆਂ ਨੂੰ ਭਰਨ ਦਾ ਕੰਮ ਜੋਰਾਂ ਸ਼ੋਰਾਂ
ਨਾਲ ਚੱਲ ਰਿਹਾ ਹੈ ਅਤੇ ਇਸ ਕੰਮ ਲਈ ਲੱਗੇ ਮਿਸਤਰੀ ਮਜ਼ਦੂਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਕਿਨਾਰਿਆ ਨੂੰ ਭਰਨ ਦਾ ਕੰਮ ਪੰਜ ਦਿਨਾਂ ਅੰਦਰ ਪੂਰਾ ਕਰ ਲਿਆ ਜਾਵੇਗਾ । ਇਸ ਮੌਕੇ ਗੁਰਨਾਮ ਸਿੰਘ ਸਾਬਕਾ ਸਰਪੰਚ, ਬੱਬੂ ਸਰਪੰਚ, ਸੰਦੀਪ ਸਿੰਘ, ਸ਼ਾਮ ਸਿੰਘ, ਜਗਦੀਸ਼ ਸਿੰਘ ਅਤੇ ਡਾਕਟਰ ਰਵੀ ਵੀ ਮੌਜੂਦ ਸਨ ।