ਵੋਟਾਂ ਬਣਾਉਣ ਲਈ ਦਾਅਵੇ ਅਤੇ ਇਤਰਾਜ 28 ਨਵੰਬਰ ਤੱਕ ਪ੍ਰਾਪਤ ਕੀਤੇ ਜਾਣਗੇ

ਫ਼ਿਰੋਜ਼ਪੁਰ, 22 ਨਵੰਬਰ (ਰਜਿੰਦਰ ਕੰਬੋਜ਼)।

ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਾਂ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਸੰਬੰਧੀ ਜ਼ਿਲ੍ਹੇ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰੋਲ ਅਬਜ਼ਰਵਰ-ਕਮ-ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਅਰੁਣ ਸੇਖੜੀ ਅਤੇ ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਵੱਲੋਂ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੋਟਾਂ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਨੂੰ ਸਿਆਸੀ ਪਾਰਟੀਆਂ ਦੇ ਨੁਮਾਂਇਦਿਆਂ ਨਾਲ ਸਾਂਝਾ ਕੀਤਾ ਗਿਆ।

          ਇਸ ਮੌਕੇ ਰੋਲ ਅਬਜ਼ਰਵਰ ਅਰੁਣ ਸੇਖੜੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2025 ਦੇ ਅਧਾਰ ’ਤੇ ਵੋਟਰ ਸੂਚੀ ਦੀ ਸਮਰੀ ਰਿਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਵੋਟਾਂ ਬਣਾਉਣ ਸਬੰਧੀ ਦਾਅਵੇ ਅਤੇ ਇਤਰਾਜ 28.11.2024 ਤੱਕ ਪ੍ਰਾਪਤ ਕੀਤੇ ਜਾਣੇ ਹਨ। ਇਨ੍ਹਾਂ ਮਿਤੀਆਂ ਦੌਰਾਨ ਜ਼ਿਲ੍ਹੇ ਵਿੱਚ ਸਪੈਸ਼ਲ ਕੈਂਪ ਮਿਤੀ 23.11.2024 (ਸ਼ਨੀਵਾਰ), 24.11.2024 (ਐਤਵਾਰ) ਨੂੰ ਲਗਾਏ ਜਾਣੇ ਹਨ। ਉਨਾਂ ਕਿਹਾ ਕਿ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 24 ਦਸੰਬਰ ਨੂੰ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 06 ਜਨਵਰੀ 2025 ਨੂੰ ਹੋਵੇਗੀ।

          ਇਸ ਮੌਕੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਰਸਰੀ ਸੁਧਾਈ ਦੌਰਾਨ ਵੱਧ ਤੋਂ ਵੱਧ ਨਵੇਂ ਵੋਟਰਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਹਰੇਕ ਸਪੈਸ਼ਲ ਕੈਂਪਾਂ ਦੌਰਾਨ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ’ਤੇ ਆਪਣੀ ਪਾਰਟੀ ਦੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ ਅਤੇ ਇਹ ਸੂਚੀ ਸਬੰਧਤ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਬੀ.ਐਲ.ਓ. ਨੂੰ ਸਹਿਯੋਗ ਕਰ ਸਕਣ। ਬੂਥ ਲੈਵਲ ਏਜੰਟ ਨੂੰ ਈ.ਆਰ.ਓ. ਵੱਲੋਂ ਸ਼ਨਾਖਤੀ ਕਾਰਡ ਦਿੱਤਾ ਜਾਵੇਗਾ ਅਤੇ ਹਰ ਬੂਥ ਲੈਵਲ ਏਜੰਟ ਸਰਸਰੀ ਸੁਧਾਈ ਦੌਰਾਨ ਕੁੱਲ 30 ਫਾਰਮ ਈ.ਆਰ.ਓ. ਪਾਸ ਦੇ ਸਕਦਾ ਹੈ। ਉਨ੍ਹਾਂ ਰਾਜਨੀਤਿਕ ਨੁਮਾਂਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਸਰਸਰੀ ਸੁਧਾਈ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ।

          ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਨੇ ਦੱਸਿਆ ਕਿ ਸਪੈਸ਼ਲ ਕੈੰਪਾਂ

ਦੌਰਾਨ ਬੀ.ਐਲ.ਓਜ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ। ਇਨ੍ਹਾਂ ਮਿਤੀਆਂ ਨੂੰ  ਪੋਲਿੰਗ ਸਟੇਸ਼ਨ ’ਤੇ ਜਾ ਕੇ ਬੂਥ ਲੈਵਲ ਅਫਸਰ ਪਾਸ ਵੋਟ ਬਣਾਉਣ ਲਈ ਫਾਰਮ ਨੰਬਰ 6, ਐਨ.ਆਰ.ਆਈ. ਦਾ ਨਵਾਂ ਵੋਟਰ ਕਾਰਡ ਬਣਾਉਣ ਲਈ ਫਾਰਮ ਨੰਬਰ 6-ਏ ਅਤੇ ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਜਾਂ ਰਿਹਾਇਸ਼ ਬਦਲਣ ਕਾਰਨ ਇੱਕ ਥਾਂ ਤੋਂ ਦੂਸਰੀ ਥਾਂ ’ਤੇ ਵੋਟ ਟਰਾਂਸਫਰ ਕਰਵਾਉਣ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ  www.voters.eci.gov.in ਅਤੇ ਗੂਗਲ ਪਲੇ ਸਟੋਰ ਤੋਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਵੀ ਇਹ ਫਾਰਮ ਆਨਲਾਈਨ ਭਰਿਆ ਜਾ ਸਕਦਾ ਹੈ। ਜੇਕਰ ਫਿਰ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ੍ਰੀ ਨੰਬਰ ਤੇ ਮੁਫਤ ਕਾਲ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਅਜੇ ਤੱਕ ਨਹੀਂ ਬਣੀਆਂ ਅਤੇ ਉਹ ਮਿਤੀ 01.01.2025 ਨੂੰ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋ ਜਾਣਗੇ, ਉਹ ਆਪਣੀ ਵੋਟ ਜਰੂਰ ਬਣਵਾਉਣ ਅਤੇ ਮਜਬੂਤ ਲੋਕਤੰਤਰ ਦੇ ਭਾਗੀਦਾਰ ਬਣਨ।

Share it...

Leave a Reply

Your email address will not be published. Required fields are marked *