ਫ਼ਿਰੋਜ਼ਪੁਰ, 17 ਦਸੰਬਰ (ਰਜਿੰਦਰ ਕੰਬੋਜ਼)। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਧਰਮਕੋਟ ਸੜਕਾਂ ਨੂੰ ਚਹੁੰ-ਮਾਰਗੀ ਬਣਾਉਣ ਸਬੰਧੀ ਵਿਭਾਗ ਤੋਂ ਡੀਪੀਆਰ ਰਿਪੋਰਟ ਮੰਗੀ ਹੈ ਤਾਂ ਜੋ ਇਸ ਪ੍ਰਾਜੈਕਟ ਨੂੰ ਪਾਸ ਕਰਵਾ ਕੇ ਕੰਮ ਜਲਦੀ ਸ਼ੁਰੂ ਕੀਤਾ ਜਾ ਸਕੇ। ਇਸ ਗੱਲ ਦੀ ਪੁਸ਼ਟੀ ਭਾਜਪਾ ਦੇ ਕੇਂਦਰੀ ਕੌਮੀ ਕਾਰਜਕਾਰਨੀ ਮੈਂਬਰ ਡਾ: ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ ਹੈ | ਸੋਢੀ ਨੇ ਕਿਹਾ ਕਿ ਭਾਰੀ ਟਰੈਫਿਕ ਦੇ ਮੱਦੇਨਜ਼ਰ ਉਹ ਲਗਾਤਾਰ ਇਹ ਮੁੱਦਾ ਉਠਾ ਰਹੇ ਹਨ ਕਿ ਫਾਜ਼ਿਲਕਾ ਰੋਡ ਅਤੇ ਜ਼ੀਰਾ ਰੋਡ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ’ਤੇ ਗੌਰ ਕਰਦਿਆਂ ਕੇਂਦਰੀ ਟਰਾਂਸਪੋਰਟ ਮੰਤਰੀ ਨੇ ਸਬੰਧਤ ਵਿਭਾਗ ਨੂੰ ਪੱਤਰ ਭੇਜ ਕੇ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।
ਰਾਣਾ ਸੋਢੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਤੋਂ ਜ਼ੀਰਾ ਵਾਇਆ ਧਰਮਕੋਟ ਨੂੰ ਚਾਰ ਲਾਈਨ ਬਣਾਉਣ ਲਈ 1700 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸੜਕ 15 ਮੀਟਰ ਚੌੜੀ ਹੋਵੇਗੀ ਅਤੇ ਜਿਸ ਪਾਸੇ ਓਵਰ ਬ੍ਰਿਜ ਹੋਵੇਗਾ, ਉੱਥੇ 3 ਮੀਟਰ ਦੀ ਸਰਵਿਸ ਹੋਵੇਗੀ | ਸੜਕ ਹੇਠਾਂ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਸ ਸੜਕ ਤੋਂ ਆਪਣੇ ਵਾਹਨਾਂ ਦਾ ਲੰਘਣਾ ਆਸਾਨ ਹੋਵੇਗਾ। ਸੋਢੀ ਨੇ ਦੱਸਿਆ ਕਿ ਇਸ ਸੜਕ ਤੋਂ ਅੰਮ੍ਰਿਤਸਰ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਤੱਕ ਆਵਾਜਾਈ ਹੁੰਦੀ ਹੈ। ਸੜਕ ਤੰਗ ਹੋਣ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਣਾ ਨੇ ਕਿਹਾ ਕਿ ਫਾਰਲਾਈਨ ਦੇ ਨਿਰਮਾਣ ਨਾਲ ਜ਼ਿਲ੍ਹੇ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।
ਉਨ੍ਹਾਂ ਦੱਸਿਆ ਕਿ ਉਹ ਦਿੱਲੀ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਹਮੇਸ਼ਾ ਪਹਿਲ ਹੈ।