ਫਿਰੋਜ਼ਪੁਰ, 26 ਨਵੰਬਰ, ( ਰਜਿੰਦਰ ਕੰਬੋਜ਼) । ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਸਟਾਫ ਦੀਆਂ ਪਿਛਲੇ ਚਾਰ ਮਹੀਨੇ ਦੀਆਂ ਤਨਖਾਹਾਂ ਬਕਾਇਆ ਚੱਲ ਰਹੀਆਂ ਹਨ, ਜਿਸ ਲਈ ਜੋਆਇੰਟ ਐਕਸ਼ਨ ਕਮੇਟੀ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਲੰਚ ਟਾਈਮ ਤੇ ਗੇਟ ਰੈਲੀ ਕੀਤੀ ਗਈ। ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜੇ.ਏ.ਸੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਜੀ ਦਾ ਨਾਮ ਤਾਂ ਵਰਤ ਰਹੀ ਹੈ ਪ੍ਰੰਤੂ ਸ਼ਹੀਦ ਦੇ ਨਾਂ ਤੇ ਬਣੀ ਯੂਨੀਵਰਸਿਟੀ ਨੂੰ ਘੱਟ ਗਰਾਂਟ ਦੇ ਰਹੀ ਹੈ, ਜਿਸ ਕਾਰਨ ਪਿਛਲੇ ਚਾਰ ਮਹੀਨੇ ਦੀਆਂ ਤਨਖਾਹ ਪੈਡਿੰਗ ਚੱਲ ਰਹੀਆਂ ਹਨ। ਅੱਜ ਦੇ ਧਰਨੇ ਵਿੱਚ ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ ਆਲ ਇੰਪਲਾਈਜ ਕੋਆਰਡੀਨੇਸ਼ਨ ਕਮੇਟੀ ਜਿਲਾ ਪ੍ਰਧਾਨ ਪੰਜਾਬ ਪੈਨਸ਼ਨਰ ਕੰਨਫੈਡਰੇਸ਼ਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਗੇਟ ਰੈਲੀ ਦਾ ਪੂਰਾ ਸਮਰਥਨ ਕਰਦੀ ਹੈ। ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਯੂਨੀਵਰਸਿਟੀ ਦੇ ਸਟਾਫ਼ ਨੂੰ ਤਨਖਾਹਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।ਜੋਆਇੰਟ ਐਕਸ਼ਨ ਕਮੇਟੀ ਨੇ ਕਿਹਾ ਕਿ ਜਦੋਂ ਤੱਕ ਪੈਂਡਿੰਗ ਤਨਖਾਹਾ ਨਹੀਂ ਮਿਲ ਜਾਦੀਆਂ ਤਦ ਤੱਕ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਜਾਰੀ ਰਹਿਣਗੇ।