18 ਦਸੰਬਰ ਨੂੰ ਰੇਲ ਮਾਰਗ ਜਾਮ ਕਰਨ ਦੀਆਂ ਕਿਸਾਨਾਂ ਨੇ ਤਿਆਰੀਆਂ ਕੀਤੀਆਂ ਮੁਕੰਮਲ

ਫਿਰੋਜ਼ਪੁਰ, 16 ਦਸੰਬਰ ( ਰਜਿੰਦਰ ਕੰਬੋਜ਼)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਆਗੂ ਸਰਦਾਰ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਖਨੌਰੀ ਤੇ ਰਤਨਪੁਰਾਂ (ਰਾਜਸਥਾਨ)ਬਾਰਡਰਾਂ ਉੱਤੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਪੈਦਲ ਦਿੱਲੀ ਵੱਲ ਕੂਚ ਕਰ ਰਹੇ ਜਥਿਆਂ ਉੱਤੇ ਮੋਦੀ ਹਕੂਮਤ ਵੱਲੋਂ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੁੱਟਦਿਆਂ ਕਿਸਾਨਾਂ ਮਜ਼ਦੂਰਾਂ ਨੂੰ ਵੱਖਰੇ ਦੇਸ਼ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਲਈ ਮੋਦੀ ਸਰਕਾਰ ਦਾ ਅੱਤਿਆਚਾਰੀ ਚਿਹਰਾ ਬੇਨਕਾਬ ਕਰਨ ਤੇ 25 ਨਵੰਬਰ ਨੂੰ ਪਹਿਲੇ ਦਿੱਲੀ ਅੰਦੋਲਨ ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਮ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਭੇਜਣ ਖਿਲਾਫ ਦੋਵਾਂ ਫੋਰਮਾ ਵੱਲੋਂ 18 ਦਸੰਬਰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਫਲ ਕਰਨ ਲਈ ਪੰਜਾਬ ਦੇ 18 ਜ਼ਿਲਿਆਂ ਵਿੱਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਰੇਲ ਰੋਕੋ ਐਕਸ਼ਨ ਵਿੱਚ ਪੰਜਾਬ ਭਰ ਤੋਂ ਲੱਖਾਂ ਕਿਸਾਨ,ਮਜ਼ਦੂਰ,ਬੀਬੀਆਂ,ਨੌਜਵਾਨ ਖੇਤੀ ਮੰਡੀ ਨਾਲ ਸੰਬੰਧਿਤ ਸਾਰੇ ਵਰਗ ਛੋਟੇ ਦੁਕਾਨਦਾਰ, ਛੋਟੇ ਵਪਾਰੀ ਸ਼ਾਮਿਲ ਹੋਣਗੇ। ਕਿਸਾਨ ਆਗੂ ਨੇ ਦਿੱਲੀ ਅੰਦੋਲਨ 2 ਨੂੰ ਸਾਰੇ ਸਮਾਜ ਨੂੰ ਬਚਾਉਣ ਦਾ ਸੰਘਰਸ਼ ਦੱਸਦਿਆਂ ਕਿਹਾ ਕਿ ਮੋਦੀ ਹਕੂਮਤ ਖੇਤੀ ਮੰਡੀ ਖਤਮ ਕਰਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਨ ਤੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਕੇ ਸਸਤੀ ਲੇਬਰ ਵਿੱਚ ਤਬਦੀਲ ਕਰਨ ਦੇ ਏਜੰਡੇ ਉੱਤੇ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਤੇ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਾਰਪੋਰੇਟ ਦੇ ਹੱਲੇ ਅੱਗੇ ਹੱਥ ਬੰਨ ਕੇ ਖੜੀਆਂ ਹਨ। ਇਸ ਲਈ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਉ ਆਪਸੀ ਏਕਾ ਬਣਾਕੇ ਤਿੱਖੇ ਸੰਘਰਸ਼ ਦਾ ਰਾਹ ਚੁਣੀਏ।

Share it...

Leave a Reply

Your email address will not be published. Required fields are marked *