ਗੁਰਮੀਤ ਸਿੰਘ
ਗੁਰੂ ਹਰਸਹਾਏ ਅੱਜ ਜੇ ਕੇ ਐੱਸ ਪਬਲਿਕ ਸਕੂਲ ਦੇ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼੍ਰੀ ਸਾਹਿਲ ਗੋਇਲ ਜੀ ‘ਐੱਸ.ਜੀ. ਬਰਿਕਸ’ ਦੇ ਭੱਠੇ ‘ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਇੱਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਦਿੱਤਾ ਗਿਆ। ਇਸ ਦੌਰੇ ਦੀ ਅਗਵਾਈ ਸਕੂਲ ਅਧਿਆਪਕ ਸਰਦਾਰ ਲਵਪ੍ਰੀਤ ਸਿੰਘ ਅਤੇ ਸਹਾਇਕ ਕਲਰਕ ਵਿਕਾਸ ਨਰੂਲਾ ਨੇ ਕੀਤੀ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਟਾਂ ਬਣਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਾਲਤਾਂ ਬਾਰੇ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਉੱਥੋਂ ਦੇ ਮੈਨੇਜਰ ਸ੍ਰੀ ਬਲਦੇਵ ਰਾਜ ਨੂੰ ਇਸ ਕੰਮ ਨਾਲ ਸਬੰਧਤ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਢੁੱਕਵੇਂ ਜਵਾਬ ਦਿੱਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੀਨੂੰ ਮੋਂਗਾ ਜੀ ਦਾ ਕਹਿਣਾ ਹੈ ਕਿ ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਸਥਿਤੀਆਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਉਹ ਕਿਰਤ ਅਤੇ ਇਸ ਦੀ ਮਹੱਤਤਾ ਨੂੰ ਸਮਝ ਸਕਣ। ਇਸ ਨੂੰ ਵਿਦਿਅਕ ਤਜਰਬਾ ਦੱਸਦੇ ਹੋਏ ਉਨ੍ਹਾਂ ਨੇ ਇਸ ਨੂੰ ਬੱਚਿਆਂ ਲਈ ਜੀਵਨ ਦਾ ਅਹਿਮ ਸਬਕ ਮੰਨਿਆ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਨਾ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਜਾ ਕੇ ਵਿਹਾਰਕ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ, ਸਗੋਂ ਉਨ੍ਹਾਂ ਨੂੰ ਉਦਯੋਗ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਣੂ ਕਰਵਾਉਂਦੇ ਹਨ।