ਫ਼ਿਰੋਜ਼ਪੁਰ ( ਰਜਿੰਦਰ ਕੰਬੋਜ਼), 9 ਦਸੰਬਰ। ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵਲੋਂ ਪ੍ਰਧਾਨ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਦੀ ਦੇਖ–ਰੇਖ ਹੇਠ 59ਵੀਂ ਓਪਨ ਜ਼ਿਲ੍ਹਾ ਫ਼ਿਰੋਜ਼ਪੁਰ ਕਰਾਸ ਕੰਟਰੀ ਚੈਂਪੀਅਨਸ਼ਿਪ 12 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ ਸਾਢੇ 8 ਵਜੇ ਪਿੰਡ ਝੋਕ ਹਰੀ ਹਰ ਵਿਖੇ ਬਿਜਲੀ ਘਰ ਦੇ ਸਾਹਮਣੇ ਹਰੀ ਸਿੰਘ ਸੰਧੂ ਸਾਬਕਾ ਸਰਪੰਚ ਅਤੇ ਮਾਤਾ ਨਛੱਤਰ ਕੌਰ ਸੰਧੂ ਦੀ ਮਿੱਠੀ ਅਤੇ ਸਦੀਵੀ ਯਾਦ ਨੂੰ ਸਮਰਪਿਤ ਕਰਵਾਈ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਜ਼ਿਲ੍ਹਾ ਐਥਲੈਟਿਕਸ ਐਸੋੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਣਹਾਰ ਐਥਲੀਟ ਪੈਦਾ ਕਰਨ ਅਤੇ ਉਨ੍ਹਾਂ ਨੂੰ ਸੂਬਾ ਪੱਧਰ ’ਤੇ ਆਪਣੀ ਯੋਗਤਾ ਪ੍ਰਗਟਾਉਣ ਦਾ ਮੌਕਾ ਦੇਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਕਰਾਸ ਕੰਟਰੀ ਚੈਂਪੀਅਨਸ਼ਿਪ ਕਰਵਾਏ ਜਾਣ ਦਾ ਮਤਾ ਪਾਸ ਕੀਤਾ ਗਿਆ, ਜਿਸ ਵਿਚ ਉਮਰ ਵਰਗ 16 ਸਾਲ, 18 ਸਾਲ ਤੇ 20 ਸਾਲ ਲੜਕੇ–ਲੜਕੀਆਂ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਵਾਲੇ ਅਥਲੀਟਾਂ ਨੂੰ 59ਵੀਂ ਓਪਨ ਪੰਜਾਬ ਕਰਾਸ ਕੰਟਰੀ ਜੋ ਪਹੂਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ 22 ਦਸੰਬਰ 2024 ਨੂੰ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਹੈ, ਵਿਚ ਭਾਗ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਸਰਦਾਰ ਹਰੀ ਸਿੰਘ ਸੰਧੂ ਅਤੇ ਸਰਦਾਰਨੀ ਨਛੱਤਰ ਕੌਰ ਸੰਧੂ ਦੀ ਸਦੀਵੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕ੍ਰਾਸ ਕੰਟਰੀ ਮੁਕਾਬਲਿਆਂ ਵਿਚ 20 ਸਾਲ ਲੜਕੇ 8 ਕਿੱਲੋਮੀਟਰ, 18 ਸਾਲ ਲੜਕੇ 6 ਕਿੱਲੋਮੀਟਰ, 16 ਸਾਲ ਲੜਕੇ 2 ਕਿੱਲੋਮੀਟਰ, ਇਸੇ ਤਰ੍ਹਾਂ ਲੜਕੀਆਂ 20 ਸਾਲ 6 ਕਿੱਲੋਮੀਟਰ, 18 ਸਾਲ 4 ਕਿੱਲੋਮੀਟਰ 16 ਸਾਲ 2 ਕਿੱਲੋਮੀਟਰ ਕਰਾਸ ਕੰਟਰੀ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਆਗੂਆਂ ਜਸਵਿੰਦਰ ਸਿੰਘ ਸੰਧੂ, ਅਕਸ ਕੁਮਾਰ, ਸਰਬਜੀਤ ਸਿੰਘ (ਬੋਬੀ ਬਾਠ), ਗੁਰਨਾਮ ਸਿੰਘ, ਸਤਨਾਮ ਸਿੰਘ, ਵਰਿੰਦਰ ਸਿੰਘ, ਲਖਵਿੰਦਰ ਸਿੰਘ ਸੈਮੂਅਲ, ਅਸ਼ਵਨੀ ਸ਼ਰਮਾ, ਜਗਜੀਤ ਸਿੰਘ, ਸਤਵਿੰਦਰ ਸਿੰਘ, ਕਮਲ ਫ਼ਿਰੋਜ਼ਸ਼ਾਹ ਆਦਿ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ 12 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ ਸਾਢੇ 8 ਵਜੇ ਪਿੰਡ ਝੋਕ ਹਰੀ ਹਰ ਵਿਖੇ ਬਿਜਲੀ ਘਰ ਦੇ ਸਾਹਮਣੇ ਪਹੁੰਚ ਕੇ ਖੇਡਾਂ ’ਚ ਵੱਧ-ਚੜ੍ਹ ਕੇ ਭਾਗ ਲੈਣ।