ਫਿਰੋਜ਼ਪੁਰ 25 ਨਵੰਬਰ (ਰਜਿੰਦਰ ਕੰਬੋਜ਼)। ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਟੀਮ ਜ਼ਿਲ੍ਹੇ ਦੇ ਕਿਸਾਨ ਨਵਜੋਤ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕਰਨ ਪਹੁੰਚੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਪਿੰਡ ਤਲਵੰਡੀ ਨੇਪਾਲਾਂ ਦੇ ਕਿਸਾਨ ਨਵਜੋਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਹਰੇ ਘੋੜੇ (ਟਿੱਡੇ) ਦਾ ਹਮਲਾ ਹੋਇਆ ਸੀ, ਜਿਸ ਨੂੰ ਦੇਖਣ ਟੀਮ ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਨਿਰੀਖਣ ਕਰਨ ਪਹੁੰਚੀ।
ਇਸ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਦਰਅਸਲ ਇਹ ਟਿੱਡਾ ਝੋਨੇ ਦਾ ਕੀੜਾ ਹੈ ਜੋ ਕਿ ਝੋਨੇ ਦੀ ਫ਼ਸਲ ਉੱਪਰ ਸਤੰਬਰ-ਅਕਤੂਬਰ ਦੇ ਮਹੀਨੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ। ਇਹ ਕੀੜਾ ਝੋਨੇ ਦੇ ਪੱਤਿਆ ਨੂੰ ਖਾਂਦਾ ਹੈ। ਇਸ ਕੀੜੇ ਦੇ ਹਮਲੇ ਨਾਲ ਝੋਨੇ ਦੇ ਝਾੜ ਤੇ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਅਕਸਰ ਇਹ ਕੀੜਾ ਹੋਰ ਫ਼ਸਲਾਂ ਤੇ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਗਿਰਾਵਟ ਹੋਣ ਨਾਲ ਇਸਦੇ ਬੱਚੇ ਅਤੇ ਬਾਲਗ ਅਪਣੇ ਆਪ ਮਰ ਜਾਂਦੇ ਹਨ ਪਰ ਇਸ ਸਾਲ ਮੌਸਮ ਜਿਆਦਾ ਲੰਮਾਂ ਸਮਾਂ ਗਰਮ ਰਹਿਣ ਅਤੇ ਝੋਨੇ ਦੀ ਵਾਢੀ ਲੇਟ ਹੋਣ ਕਾਰਨ ਕਈ ਥਾਂਵਾਂ ਤੇ ਇਸਦਾ ਹਮਲਾ ਅਗੇਤੀ ਬੀਜੀ ਕਣਕ ਦੀ ਫ਼ਸਲ ਉੱਪਰ ਵੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਗਿਰਾਵਟ ਹੋਣ ਨਾਲ ਇਹ ਕੀੜਾ ਡਾਇਆਪੌਜ਼ ਕਰ ਜਾਵੇਗਾ ਅਤੇ ਹੋਰ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ। ਫਿਲਹਾਲ ਇਸ ਕੀੜੇ ਦੀ ਰੋਕਥਾਮ ਲਈ ਮਾਹਿਰਾਂ ਨੇ ਕਲੋਰੋਪਾਈਰੀਫਾਸ 20 ਈ ਸੀ ਜਾਂ ਕੁਇਨਲਫੌਸ 25 ਈ ਸੀ ਸਪਰੇਅ ਕਰਨ ਦੀ ਸਿਫ਼ਾਰਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਕੀੜੇ ਦੀ ਅਸਰਦਾਰ ਰੋਕਥਾਮ ਲਈ ਸਪਰੇਅ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਸਪਰੇਅ ਸਵੇਰੇ ਜਾਂ ਸ਼ਾਮ ਵੇਲੇ ਬਿਲਕੁਲ ਬਰੀਕ ਫੁਹਾਰਾ ਬਣਾ ਕੇ ਕੀਤੀ ਜਾਵੇ।