ਫਰੀਦਕੋਟ 29 ਅਕਤੂਬਰ (ਮੀਤ ਸਿੰਘ)- ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜਰ ਫਰੀਦਕੋਟ ਜ਼ਿਲ੍ਹੇ ਦੇ ਦਰਜਾ-4 ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਉਹਨਾਂ ਜ਼ਿਲ੍ਹੇ ਵਿੱਚ ਤਾਇਨਾਤ 75 ਦਰਜਾ-4 ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਠਿਆਈਆਂ ਅਤੇ ਤੋਹਫੇ ਦਿੱਤੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸਦੇ ਨਾਲ ਹੀ ਮਹਿਕਮਾ ਪੁਲਿਸ ਲਈ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੀ ਸਰਾਹਣਾ ਵੀ ਕੀਤੀ।
ਐਸ.ਐਸ.ਪੀ ਫਰੀਦਕੋਟ ਵੱਲੋਂ ਇਸ ਮੌਕੇ ਤੇ ਕਰਮਚਾਰੀਆਂ ਨਾਲ ਸਵੈ-ਇਕਜੁਟਾ, ਸੇਵਾ ਭਾਵਨਾ ਅਤੇ ਸਾਫ਼ਸੂਥਰਾ ਸਾਮਾਜਿਕ ਵਾਤਾਵਰਨ ਬਣਾਈ ਰੱਖਣ ਦੇ ਉਦੇਸ਼ਾਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਇਸਦੇ ਨਾਲ ਹੀ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣੀਆਂ ਗਈਆਂ ਅਤੇ ਉਹਨਾਂ ਦੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸਦੇ ਨਾਲ ਹੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਕਰਮਚਾਰੀਆਂ ਨੂੰ ਯਕੀਨ ਦਵਾਇਆ ਕਿ ਉਹਨਾਂ ਦੀ ਭਲਾਈ ਅਤੇ ਸੁਵਿਧਾਵਾਂ ਪ੍ਰਤੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਹ ਆਪਣੀਆਂ ਜਿੰਮੇਵਾਰੀਆਂ ਹੋਰ ਜ਼ੁਮਵਾਰੀ ਨਾਲ ਨਿਭਾ ਸਕਣ।
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਦਰਜਾ-4 ਕਰਮਚਾਰੀਆਂ ਦੀ ਭੂਮਿਕਾ ਸਿਰਫ ਸਹਾਇਕ ਹੀ ਨਹੀਂ ਸਗੋਂ ਜਿਲ੍ਹੇ ਦੇ ਮੂਲ ਢਾਂਚੇ ਦੀ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਹੈ ਕਿਉਕਿ ਦਰਜਾ-4 ਕਰਮਚਾਰੀ ਆਪਣੀ ਸੇਵਾ ਪ੍ਰਤੀ ਸਮਰਪਿਤ ਰਹਿੰਦੇ ਹਨ ਅਤੇ ਉਹਨਾਂ ਦੀ ਮਿਹਨਤ ਦਾ ਜਿਲ੍ਹੇ ਦੀ ਸ਼ਾਂਤੀ ਅਤੇ ਸੁਚਾਰੂ ਕੰਮਕਾਜ ਲਈ ਮਹੱਤਵਪੂਰਨ ਯੋਗਦਾਨ ਹੈ।
ਦਰਜਾ-4 ਕਰਮਚਾਰੀਆਂ ਵੱਲੋਂ ਐਸ.ਐਸ.ਪੀ ਫਰੀਦਕੋਟ ਦੇ ਇਸ ਉਪਰਾਲੇ ਦੀ ਬਹੁਤ ਸਲਾਘਾ ਕੀਤੀ ਗਈ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਕਰਮਚਾਰੀਆਂ ਨੇ ਇਹ ਵੀ ਕਿਹਾ ਕਿ ਅਜਿਹੀ ਪ੍ਰਸ਼ੰਸਾ ਅਤੇ ਸਮਰਪਣ ਪ੍ਰਤੀ ਸਤਿਕਾਰ ਨਾਲ ਉਹਨਾਂ ਨੂੰ ਭਵਿੱਖ ਵਿੱਚ ਹੋਰ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਐਸ.ਐਸ.ਪੀ ਸਹਿਬ ਦਾ ਧੰਨਵਾਦ ਕਰਦਿਆਂ ਇਹ ਵਾਅਦਾ ਕੀਤਾ ਕਿ ਉਹ ਆਪਣੀ ਸੇਵਾ ਨੂੰ ਇੰਨੇ ਹੀ ਸਮਰਪਣ ਨਾਲ ਅਗਾਂਹ ਵੀ ਜਾਰੀ ਰੱਖਣਗੇ।