ਗੁਰੂਹਰਸਹਾਏ (ਗੁਰਮੀਤ ਸਿੰਘ), 9 ਦਸੰਬਰ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂ ਪੀ ਦੇ ਬਿਜਲੀ ਬੋਰਡ ਨੂੰ ਘਾਟੇ ਵਿੱਚ ਦਿਖਾ ਕੇ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਅਤੇ ਚੰਡੀਗੜ ਤੇ ਯੂਪੀ ਦੇ ਮੁਲਾਜ਼ਮਾਂ ਦੇ ਸੰਘਰਸ਼ ਦੇ ਸਮਰਥਨ ਵਿਚ ਪੀ ਐਸ ਈ ਬੀ ਇੰਮਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉੱਪਰ ਗੁਰੂ ਹਰ ਸਹਾਏ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਬ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਰੋਹ ਭਰਪੂਰ ਰੋਸ ਰੈਲੀ ਪ੍ਰਧਾਨ ਨਾਨਕ ਚੰਦ ਦੀ ਪ੍ਰਧਾਨਗੀ ਹੇਠ ਕੀਤੀ ਗਈ । ਅੱਜ ਦੀ ਰੋਸ ਰੈਲੀ ਨੂੰ ਸੰਬੋਧਨ ਕਰਦੇ ਸਰਕਲ ਸਕੱਤਰ ਇੰਜ ਸ਼ਿੰਗਾਰ ਮਹਿਰੋਕ ਅਤੇ ਸਬ ਡਵੀਜ਼ਨ ਪ੍ਰਧਾਨ ਸੁਰਿੰਦਰ ਕੁਮਾਰ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂਪੀ ਬਿਜਲੀ ਬੋਰਡ ਮੁਨਾਫ਼ੇ ਵਿਚ ਹੋਣ ਦੇ ਬਾਵਜੂਦ ਵੀ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਉਸ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਬਿਜਲੀ ਬਾਲਣ ਤੋਂ ਵਾਂਝੇ ਹੋ ਜਾਂਣਗੇ। ਜਾਪਦਾ ਇੰਝ ਹੈ ਕਿ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ । ਆਗੂਆਂ ਵਲੋਂ ਦੱਸਿਆ ਗਿਆ ਕਿ ਬਿਜਲੀ ਅਦਾਰਾ ਇੱਕ ਬੇਹੱਦ ਮਹੱਤਵਪੂਰਨ ਅਦਾਰਾ ਹੈ, ਪ੍ਰੰਤੂ ਸਰਕਾਰ ਵੱਲੋਂ ਇਸ ਅਦਾਰੇ ਵਿੱਚ ਕੰਮ ਕਰਦੇ ਕਾਮਿਆਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਠੇਕੇਦਾਰੀ ਮਾੜੇ ਸਿਸਟਮ ਕਰਕੇ ਲਗਾਤਾਰ ਹਾਦਸੇ ਵੱਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀਆਂ ਕੀਮਤੀ ਜਾਨਾਂ ਇਹਨਾਂ ਹਾਦਸਿਆਂ ਕਰਕੇ ਜਾ ਰਹੀਆਂ ਹਨ ਇਸ ਲਈ ਹਾਦਸੇ ਦਾ ਸ਼ਿਕਾਰ ਹੋਏ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਓਸੇ ਤਰਜ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ । ਆਗੂਆਂ ਨੇ ਮੈਨੇਜਮੈਂਟ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂ ਪੀ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਜੋਆਇੰਟ ਫ਼ੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਵੱਲੋਂ ਜੋ ਵੀ ਸਘੰਰਸ਼ ਉਲੀਕਿਆ ਜਾਵੇਗਾ ਉਸ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਅੱਜ ਦੀ ਗੇਟ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਜਸਵਿੰਦਰ ਪਾਲ , ਸੁਖਦੇਵ ਸਿੰਘ, ਦਵਿੰਦਰ ਸਿੰਘ, ਸੰਦੀਪ ਕੁਮਾਰ,ਬਲਦੇਵ ਸਿੰਘ ,ਪਰਵਿੰਦਰ ਸਿੰਘ ਅਤੇ ਡਵੀਜ਼ਨ ਆਗੂ ਬਲਕਾਰ ਚੰਦ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਨਰੇਸ਼ ਸੇਠੀ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।